
ਸਮਰੱਥ ਮਹਿਲਾਵਾਂ ਨੂੰ ਆਪਣੇ ਪਤੀ ਕੋਲੋਂ ਗੁਜ਼ਾਰਾ ਭੱਤਾ ਨਹੀਂ ਮੰਗਣਾ ਚਾਹੀਦਾ – ਦਿੱਲੀ ਹਾਈ ਕੋਰਟ ਨੇ ਕਿਹਾ।ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕਮਾਉਣ ਦੀ ਸਮਰੱਥਾ ਰੱਖਣ ਵਾਲੀਆਂ ਯੋਗ ਮਹਿਲਾਵਾਂ ਨੂੰ ਆਪਣੇ ਪਤੀਆਂ ਤੋਂ ਅੰਤਰਿਮ ਗੁਜ਼ਾਰਾ ਭੱਤਾ ਨਹੀਂ ਮੰਗਣਾ ਚਾਹੀਦਾ ਅਤੇ ਕਾਨੂੰਨ ਬੇਕਾਰ ਬੈਠੇ ਰਹਿਣ ਨੂੰ ਉਤਸ਼ਾਹਿਤ ਨਹੀਂ ਕਰਦਾ। ਜਸਟਿਸ ਚੰਦਰਧਾਰੀ ਸਿੰਘ ਨੇ 19 ਮਾਰਚ ਨੂੰ ਕਿਹਾ ਕਿ ਸੀਆਰਪੀਸੀ ਦੀ ਧਾਰਾ 120 ਪਤੀ-ਪਤਨੀ ਵਿਚਾਲੇ ਬਰਾਬਰੀ ਕਾਇਮ ਰੱਖਣ ਅਤੇ ਪਤਨੀ, ਬੱਚਿਆਂ ਤੇ ਮਾਪਿਆਂ ਨੂੰ ਸੁਰੱਖਿਆ ਮੁਹੱਈਆ ਕਰਨ ਦੀ ਗੱਲ ਕਰਦੀ ਹੈ ਪਰ ਇਹ ‘ਬੇਕਾਰ ਬੈਠੇ ਰਹਿਣ ਨੂੰ ਉਤਸ਼ਾਹਿਤ ਨਹੀਂ ਕਰਦੀ। ਹਾਈ ਕੋਰਟ ਨੇ ਇੱਕ ਮਹਿਲਾ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ‘ਚ ਉਸ ਨੇ ਵੱਖ ਹੋਏ ਪਤੀ ਤੋਂ ਅੰਤਰਿਮ ਗੁਜ਼ਾਰੇ ਭੱਤੇ ਦੀ ਮੰਗ ਖਾਰਜ ਕਰਨ ਸਬੰਧੀ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਸਿੰਘ ਨੇ ਕਿਹਾ, ‘ਇੱਕ ਪੜ੍ਹੀ-ਲਿਖੀ ਪਤਨੀ ਜਿਸ ਕੋਲ ਚੰਗੀ ਨੌਕਰੀ ਦਾ ਤਜਰਬਾ ਹੋਵੇ, ਉਸ ਨੂੰ ਸਿਰਫ਼ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਲੈਣ ਲਈ ਵਿਹਲਾ ਨਹੀਂ ਬੈਠਣਾ ਚਾਹੀਦਾ।