ਸੀ.ਬੀ.ਆਈ.ਨੇ ਬੁੱਧਵਾਰ ਨੂੰ 6,000 ਕਰੋੜ ਰੁਪਏ ਦੇ ਮਹਾਦੇਵ ਐਪ ਘਪਲੇ ਦੇ ਸਬੰਧ ‘ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਛਾਪੇ ਮਾਰੇ। ਇਹ ਛਾਪੇਮਾਰੀ ਕਾਂਗਰਸ ਦੀ ਮੀਟਿੰਗ ਲਈ ਬਘੇਲ ਦੇ ਨਵੀਂ ਦਿੱਲੀ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਕੀਤੀ ਗਈ ਹੈ। ਇਸ ਦੌਰਾਨ ਸੂਬਾ ਕਾਂਗਰਸ ਨੇ ਕਿਹਾ ਕਿ ਭਾਜਪਾ ਨੇ ਬਘੇਲ ਤੋਂ ਡਰ ਕੇ ਇਹ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਟੀਮਾਂ ਨੇ ਬਘੇਲ ਦੇ ਰਾਏਪੁਰ ਅਤੇ ਭਿਲਾਈ ਸਥਿਤ ਘਰ ਦੇ ਨਾਲ-ਨਾਲ ਕੁਝ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਸਾਬਕਾ ਮੁੱਖ ਮੰਤਰੀ ਦੇ ਇਕ ਕਰੀਬੀ ਸਹਿਯੋਗੀ ਦੇ ਰਿਹਾਇਸ਼ੀ ਕੰਪਲੈਕਸਾਂ ‘ਤੇ ਛਾਪੇਮਾਰੀ ਕੀਤੀ। ਸੀਬੀਆਈ ਨੇ ਛੱਤੀਸਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਤੋਂ ਜਾਂਚ ਆਪਣੇ ਹੱਥਾਂ ‘ਚ ਲੈ ਲਈ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਆਪਣੀ ਐੱਫਆਈਆਰ ‘ਚ ਕਾਂਗਰਸ ਨੇਤਾ ਬਘੇਲ, ਐਪ ਪ੍ਰਮੋਟਰ ਰਵੀ ਉੱਪਲ, ਸੌਰਭ ਚੰਦਰਾਕਰ, ਸ਼ੁਭਮ ਸੋਨੀ ਅਤੇ ਅਨਿਲ ਕੁਮਾਰ ਅਗਰਵਾਲ ਅਤੇ 14 ਹੋਰਾਂ ਨੂੰ ਨਾਮਜ਼ਦ ਕੀਤਾ ਸੀ। ਬਘੇਲ ਨੇ EOW ਦੀ FIR ਨੂੰ ‘ਰਾਜਨੀਤੀ ਤੋਂ ਪ੍ਰੇਰਿਤ’ ਦੱਸਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਗਾਇਆ ਹੈ ਕਿ ਜਾਂਚ ਦੌਰਾਨ ਛੱਤੀਸਗੜ੍ਹ ਦੇ ਕਈ ਚੋਟੀ ਦੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ:
